ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਤਿੰਨ ਸੀਨੀਅਰ ਆਗੂਆਂ ਨੂੰ ਨਿਗਰਾਨ ਵਜੋਂ ਨਿਯੁਕਤ ਕੀਤਾ ਹੈ। ਇਸ ਸਬੰਧੀ AICC ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ 11 ਜੂਨ ਨੂੰ ਇੱਕ ਅਧਿਕਾਰਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ। ਪ੍ਰੈਸ ਰਿਲੀਜ਼ ਮੁਤਾਬਕ ਇਹ ਨਿਯੁਕਤੀਆਂ ਕਾਂਗਰਸ ਪ੍ਰਧਾਨ ਦੇ ਨਿਰਦੇਸ਼ਾਂ ‘ਤੇ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।
ਕੌਣ ਹਨ ਨਵੇਂ ਨਿਗਰਾਨ?
ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਲਈ ਨਿਯੁਕਤ ਕੀਤੇ ਗਏ ਨਿਗਰਾਨਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੈ ਮਾਕਨ, ਸਾਬਕਾ ਸੰਸਦ ਮੈਂਬਰ ਮੀਨਾਕਸ਼ੀ ਨਟਰਾਜਨ ਅਤੇ ਅਨੁਭਵੀ ਆਗੂ ਭਜਨ ਲਾਲ ਜਾਟਵ ਦੇ ਨਾਮ ਸ਼ਾਮਲ ਹਨ। ਪਾਰਟੀ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਪੰਜਾਬ ਦੇ ਮੌਜੂਦਾ ਰਾਜਨੀਤਿਕ ਅਤੇ ਸੰਗਠਨਾਤਮਕ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਹਾਈਕਮਾਨ ਨੂੰ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਨਿਗਰਾਨਾਂ ਦੀ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰ ਸਕਦੀ ਹੈ। ਇਸ ਦੌਰੇ ਦੌਰਾਨ ਟੀਮ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਫਰੰਟ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਪਾਰਟੀ ਅੰਦਰਲੇ ਮਸਲਿਆਂ, ਸੰਗਠਨ ਦੀ ਕਾਰਗੁਜ਼ਾਰੀ ਅਤੇ ਲੋਕਾਂ ਵਿੱਚ ਕਾਂਗਰਸ ਦੀ ਮੌਜੂਦਾ ਪਕੜ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਪੰਜਾਬ ਕਾਂਗਰਸ ਪਾਰਟੀ ਲਈ ਹਮੇਸ਼ਾ ਹੀ ਇੱਕ ਅਹਿਮ ਸੂਬਾ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪਾਰਟੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਹਾਲਾਤ ਵਿੱਚ ਹਾਈਕਮਾਨ ਵੱਲੋਂ ਤਿੰਨ ਨਿਗਰਾਨ ਲਗਾਉਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਪੰਜਾਬ ਵਿੱਚ ਆਪਣੀ ਸੰਗਠਨਾਤਮਕ ਮਜ਼ਬੂਤੀ ਅਤੇ ਸਿਆਸੀ ਰਣਨੀਤੀ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
