Gutka in the Gurdwara Sahib of Sangwal village (Jalandhar)
ਪਿੰਡ ਸੰਘਵਾਲ ’ਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ’ਚ ਇਕ ਔਰਤ ਨੇ ਗੁਟਕਾ ਸਾਹਿਬ ਦੇ ਕੁਝ ਅੰਗਾਂ ਦੀ ਬੇਅਦਬੀ ਕੀਤੀ ਹੈ। ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਕਿਸ਼ਨਗੜ੍ਹ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋਸ਼ੀ ਔਰਤ ਰਾਧਿਕਾ ਪਤਨੀ ਕੇਸ਼ੂ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਪੁਲਿਸ ਮੁਤਾਬਕ ਬਿਹਾਰੀ ਔਰਤ ਦਾ ਨਾਮ ਰਾਧਿਕਾ ਪਤਨੀ ਕੇਸ਼ੂ ਹੈ ਪਰ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਔਰਤ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਈ ਤੇ ਤਾੜੀਆਂ ਵਜਾਉਣ ਲੱਗ ਪਈ। ਔਰਤ ਨੇ ਗੁਰਦੁਆਰਾ ਸਾਹਿਬ ਅੰਦਰੋਂ ਗੁਟਕਾ ਸਾਹਿਬ ਫੜ ਲਿਆ ਤੇ ਉਸ ਦੇ ਕੁਝ ਅੰਗ ਪਾੜ ਦਿੱਤੇ। ਬਾਹਰ ਆਉਣ ਤੋਂ ਬਾਅਦ ਬੱਚਿਆਂ ਨੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੋਈ ਬੇਅਦਬੀ ਬਾਰੇ ਦੱਸਿਆ ਅਤੇ ਇਕੱਠੇ ਹੋਏ ਲੋਕਾਂ ਨੇ ਔਰਤ ਨੂੰ ਫੜ ਲਿਆ।
ਉਨ੍ਹਾਂ ਕਿਹਾ ਕਿ ਔਰਤ ਨੂੰ ਪਹਿਲਾਂ ਪਿੰਡ ’ਚ ਕਦੀ ਵੀ ਨਹੀਂ ਦੇਖਿਆ ਗਿਆ ਸੀ ਅਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕਿਸੇ ਹੋਰ ਭਾਸ਼ਾ ’ਚ ਬੋਲਣ ਲੱਗ ਪਈ, ਜਿਸ ਬਾਰੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਬੇਅਦਬੀ ਕਰਨ ਵਾਲੀ ਬਿਹਾਰੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਥਾਣੇ ਲੈ ਗਏ। ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏਐੱਸਆਈ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਇਕ ਔਰਤ ਨੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਕੇ ਬੇਅਦਬੀ ਕੀਤੀ ਹੈ। ਫਿਰ ਉਹ ਮੌਕੇ ’ਤੇ ਪਹੁੰਚੇ। ਹੈੱਡ ਗ੍ਰੰਥੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਹਮੇਸ਼ਾ ਵਾਂਗ ਸੁਖ ਆਸਣ ਤੋਂ ਬਾਅਦ ਬਾਥਰੂਮ ਗਿਆ ਸੀ ਅਤੇ ਬੱਚੇ ਗੁਰੂਦੁਆਰਾ ਸਾਹਿਬ ਦੇ ਅੰਦਰ ਮੌਜੂਦ ਸਨ, ਜਿੱਥੇ ਔਰਤ ਨੇ ਅੰਦਰ ਜਾ ਕੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਦਿੱਤੇ ਅਤੇ ਬੇਅਦਬੀ ਕੀਤੀ। ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਹੈੱਡ ਗ੍ਰੰਥੀ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਹੈ। ਬੇਅਦਬੀ ਕਰਨ ਵਾਲੀ ਬਿਹਾਰੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
