Punjab Police registers FIR in the names of deceased farmers
ਜ਼ਿਲ੍ਹਾ ਪੁਲੀਸ ਫ਼ਰੀਦਕੋਟ ਵੱਲੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲੀਸ ਨੇ ਇੱਕ ਫੌਜਦਾਰੀ ਮਾਮਲੇ ਦੀ ਬਿਨਾਂ ਕਿਸੇ ਪੜਤਾਲ ਕੀਤਿਆਂ ਮ੍ਰਿਤਕ ਕਿਸਾਨਾਂ ਦੇ ਨਾਂਅ ‘ਤੇ ਐੱਫ.ਆਈ.ਆਰ. (FIR) ਦਰਜ ਕਰ ਦਿੱਤੀ ਹੈ। ਪੁਲੀਸ ਦੀ ਇਸ ਕਾਰਵਾਈ ਨੇ ਪ੍ਰਸ਼ਾਸਨਿਕ ਢਾਂਚੇ ਦੇ ਕੰਮਕਾਜ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਦਰਅਸਲ, ਸਦਰ ਥਾਣਾ ਫ਼ਰੀਦਕੋਟ ਵੱਲੋਂ ਹਰੀਕੇ ਨਹਿਰ ਮੰਡਲ ਦੇ ਕਾਰਜਕਾਰੀ ਇੰਜਨੀਅਰ (XEN) ਦੀ ਸ਼ਿਕਾਇਤ ’ਤੇ ਪਿੰਡ ਨਵਾਂ ਕਿਲਾ ਅਤੇ ਸੁੱਖਣਵਾਲਾ ਦੇ ਕਰੀਬ 41 ਕਿਸਾਨਾਂ ਖ਼ਿਲਾਫ਼ ਪਾਣੀ ਦੀ ਚੋਰੀ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ (ਮੋਘੇ ਤੋੜਨ) ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਪਰਿਵਾਰਾਂ ਦਾ ਦੋਸ਼ ਹੈ ਕਿ ਪੁਲੀਸ ਨੇ ਇਸ ਮਾਮਲੇ ਦੀ ਮੁੱਢਲੀ ਜਾਂਚ ਵੀ ਨਹੀਂ ਕੀਤੀ ਅਤੇ ਅੱਖਾਂ ਬੰਦ ਕਰਕੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਦਿੱਤਾ।
ਪਿੰਡ ਵਾਸੀ ਸੁਖਜਿੰਦਰ ਸਿੰਘ, ਸੰਤ ਸਿੰਘ ਅਤੇ ਕਰਮ ਸਿੰਘ ਵਾਂਦਰ ਨੇ ਖੁਲਾਸਾ ਕੀਤਾ ਕਿ ਕੇਸ ਵਿੱਚ ਨਾਮਜ਼ਦ ਕੀਤੇ ਗਏ 10 ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ ਮੌਤ ਹੋਇਆਂ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ। ਇਨ੍ਹਾਂ ਵਿੱਚ ਬਲਦੇਵ ਸਿੰਘ, ਕਿਰਪਾਲ ਸਿੰਘ, ਹਰੀ ਸਿੰਘ, ਮੁਖਤਿਆਰ ਸਿੰਘ, ਡਿਪਟੀ ਸਿੰਘ, ਬਲਦੇਵ ਸਿੰਘ (ਪੁੱਤਰ ਪਾਲਾ ਸਿੰਘ), ਨਾਰਾਇਣ ਸਿੰਘ ਅਤੇ ਗੁਰਚਰਨ ਸਿੰਘ ਸਮੇਤ ਹੋਰ ਸ਼ਾਮਲ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਇਹ ਵੀ ਨਹੀਂ ਦੇਖਿਆ ਕਿ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਉਹ ਪਰਚਾ ਦਰਜ ਕਰ ਰਹੇ ਹਨ, ਉਹ ਇਸ ਦੁਨੀਆ ਵਿੱਚ ਹਨ ਵੀ ਜਾਂ ਨਹੀਂ।
ਦੂਜੇ ਪਾਸੇ, ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ (ASI) ਸੁਖਵਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਨਹਿਰ ਵਿਭਾਗ ਦੀ ਸ਼ਿਕਾਇਤ ‘ਤੇ 41 ਕਿਸਾਨਾਂ ਵਿਰੁੱਧ ਮੋਘਾ ਤੋੜਨ ਅਤੇ ਪਾਣੀ ਚੋਰੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਮ੍ਰਿਤਕਾਂ ਦੇ ਨਾਂਅ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਕਿਸਾਨਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਲਈ ਅਜਿਹੇ ਝੂਠੇ ਅਤੇ ਅਣਗਹਿਲੀ ਭਰੇ ਕੇਸ ਦਰਜ ਕੀਤੇ ਜਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
