ਸੈਕਟਰ-42 ਗੋਲੀਬਾਰੀ ਮਾਮਲੇ ਵਿੱਚ ਵਕੀਲ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

ਚੰਡੀਗੜ੍ਹ 3 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਚੰਡੀਗੜ੍ਹ ਦੇ ਸੈਕਟਰ-42 ਵਿੱਚ ਅਦਾਲਤੀ ਹੁਕਮ ਤਹਿਤ ਕਰਵਾਈ ਜਾ ਰਹੀ ਬੇਦਖ਼ਲੀ ਦੌਰਾਨ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜੇ. ਪੀ. ਐਸ. ਚੱਢਾ ਨੂੰ ਸਥਾਨਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਜਾਇਦਾਦ ਦੀ ਮਾਲਕਣ ਮਨਵਿੰਦਰ ਕੌਰ, ਅਦਾਲਤੀ ਬੇਲਿਫ਼ ਅਤੇ ਪੁਲਿਸ ਟੀਮ ਨਾਲ ਘਰ ਦਾ ਕਬਜ਼ਾ ਲੈਣ ਲਈ ਪਹੁੰਚੀ। ਪੁਲਿਸ ਮੁਤਾਬਕ ਜਦੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮ ਨੇ ਆਪਣੇ ਲਾਇਸੈਂਸੀ ਡਬਲ-ਬੈਰਲ ਸ਼ਾਟਗਨ ਨਾਲ ਗੋਲੀ ਚਲਾ ਦਿੱਤੀ। ਗੋਲੀ ਦੇ ਛਰਰੇ ਮਨਵਿੰਦਰ ਕੌਰ ਦੇ ਚਿਹਰੇ ‘ਤੇ ਲੱਗੇ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਤੁਰੰਤ PGIMER ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੁਬਾਰਾ ਹਥਿਆਰ ਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦਾ ਲਾਇਸੈਂਸੀ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਹੈ। ਫ਼ੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੁਲਜ਼ਮ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਜਾਇਦਾਦ ਸਬੰਧੀ ਮਾਮਲਾ ਅਜੇ ਅਦਾਲਤ ਵਿੱਚ ਲੰਬਿਤ ਸੀ ਅਤੇ ਉਨ੍ਹਾਂ ਦੇ ਹੱਕ ਵਿੱਚ ਸਟੇ ਆਰਡਰ ਮੌਜੂਦ ਸੀ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਬੇਦਖ਼ਲੀ ਦੀ ਕਾਰਵਾਈ ਅਦਾਲਤ ਦੇ ਵੈਧ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ।

Leave a Comment