
ਚੰਡੀਗੜ੍ਹ 6 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਭਾਜਪਾ ਨੇ ਆਪਣੇ ਸੰਗਠਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ ਛੇ ਜ਼ਿਲ੍ਹਿਆਂ ਲਈ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ ਤਾਂ ਜੋ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਹੁਸ਼ਿਆਰਪੁਰ ਵਿੱਚ ਸੰਜੀਵ ਮਨਹਾਸ ਨੂੰ ਹੁਸ਼ਿਆਰਪੁਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਨੇਤੇਨ (ਨਿਤਿਨ) ਗੁਪਤਾ ‘ਨੰਨੂ’ ਨੂੰ ਹੁਸ਼ਿਆਰਪੁਰ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਸਹਿਮਤੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮਨਜ਼ੂਰੀ ਤੋਂ ਬਾਅਦ ਕੀਤੀਆਂ ਗਈਆਂ। ਭਾਜਪਾ ਨੇ ਕਿਹਾ ਹੈ ਕਿ ਨਵੀਂ ਟੀਮ ਦਾ ਉਦੇਸ਼ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨਾ, ਨਵੇਂ ਵਰਕਰਾਂ ਨੂੰ ਜੋੜਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਤਿਆਰੀ ਨੂੰ ਤੇਜ਼ ਕਰਨਾ ਹੈ। ਇਹ ਤਬਦੀਲੀਆਂ ਪਾਰਟੀ ਦੇ ਵਿਆਪਕ ਸੰਗਠਨਾਤਮਕ ਪੁਨਰਗਠਨ ਦਾ ਹਿੱਸਾ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀਆਂ ਦੋਆਬਾ ਖੇਤਰ ਵਿੱਚ ਭਾਜਪਾ ਦੀ ਸੰਗਠਨਾਤਮਕ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹਨ, ਕਿਉਂਕਿ ਪਾਰਟੀ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਜਨਾਧਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।