ਜਿੱਤ ਦੇ ਜਸ਼ਨ ‘ਚ ‘ਆਪ’ ਦੇ ਸਮਰਥਕ ਵੱਲੋਂ ਫਾਇਰਿੰਗ, ਵੀਡੀਓ ਵਾਇਰਲ

ਨਗਰ ਨਿਗਮ ਚੋਣਾਂ ਦੇ ਨਤੀਜੇ ਉਪਰੰਤ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੇ ਸਮਰਥਕ ਵੱਲੋਂ ਪਿਸਤੌਲ ਕੱਢ ਕੇ ਸ਼ਰੇਆਮ ਹਵਾਈ ਫਾਇਰਿੰਗ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਹੈ।

ਬਰਨਾਲਾ ਵਿਖੇ ਜਿੱਤ ਦੇ ਜਸ਼ਨ ਮਨਾਉਂਦੇ ਕੱਢੇ ਹਵਾਈ ਫਾਇਰ (ETV BHARAT)

ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੇ ਸਮਰਥਕ ਵੱਲੋਂ ਫਾਇਰਿੰਗ

ਇਹ ਫਾਇਰਿੰਗ ਉਸ ਵੇਲੇ ਹੋਈ, ਜਦੋਂ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਵਾਰਡ ਨੰਬਰ 33 ਦੀ ਜੇਤੂ ‘ਆਪ’ ਉਮੀਦਵਾਰ ਆਪਣੇ ਸੈਂਕੜੇ ਸਮਰਥਕਾਂ ਨਾਲ ਜੇਤੂ ਮਾਰਚ ਕੱਢ ਰਹੀ ਸੀ। ਇਸੇ ਦੌਰਾਨ ਭੀੜ ਵਿੱਚ ਸ਼ਾਮਲ ਇੱਕ ਸ਼ਖ਼ਸ ਨੇ ਅਚਾਨਕ ਪਿਸਤੌਲ ਕੱਢੀ ਅਤੇ ਹਵਾਈ ਫਾਇਰ ਕਰ ਦਿੱਤੇ। ਜਿਸ ਥਾਂ ਇਹ ਫਾਇਰਿੰਗ ਹੋਈ, ਉੱਥੇ ਸੈਂਕੜੇ ਲੋਕ ਮੌਜੂਦ ਸਨ ਅਤੇ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਵਿਰੋਧੀਆਂ ਨੇ ਸਾਧੇ ਤਿੱਖੇ ਨਿਸ਼ਾਨੇ

ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਸੱਤਾਧਾਰੀ ਧਿਰ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਇਸ ਤਰ੍ਹਾਂ ਸ਼ਰੇਆਮ ਫਾਇਰਿੰਗ ਕਰਨੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜੇਕਰ ਇਹੀ ਗੁਨਾਹ ਕਿਸੇ ਵਿਰੋਧੀ ਪਾਰਟੀ ਦੇ ਸਮਰਥਕ ਨੇ ਕੀਤਾ ਹੁੰਦਾ, ਤਾਂ ਪੁਲਿਸ ਹੁਣ ਤੱਕ ਉਸਨੂੰ ਗ੍ਰਿਫ਼ਤਾਰ ਕਰ ਚੁੱਕੀ ਹੁੰਦੀ।

ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਦੂਜੇ ਪਾਸੇ, ਚੌਤਰਫ਼ਾ ਬਣੇ ਦਬਾਅ ਤੋਂ ਬਾਅਦ ਬਰਨਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਤਾਂ ਦਰਜ ਕਰ ਲਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਫਾਇਰਿੰਗ ਕਰਨ ਵਾਲਾ ਵਿਅਕਤੀ ਵੀਡੀਓ ਵਿੱਚ ਸ਼ਰੇਆਮ ਦਿਖਾਈ ਦੇਣ ਦੇ ਬਾਵਜੂਦ ਇਹ ਕੇਸ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਇਸ ਵਿਅਕਤੀ ਸਬੰਧੀ ਅਣਜਾਣਤਾ ਪ੍ਰਗਟ ਕਰ ਰਹੀ ਹੈ।

Leave a Comment