CBI ਵੱਲੋਂ ਪੰਜਾਬ ‘ਚ IAS ਅਧਿਕਾਰੀ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਚਕੂਲਾ ਨਗਰ ਨਿਗਮ (MC) ਦੇ ਤਤਕਾਲੀ ਕਮਿਸ਼ਨਰ ਅਤੇ IAS ਅਫ਼ਸਰ ਰਾਮ ਕੁਮਾਰ ਸਿੰਘ (RK Singh) ਨੂੰ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਆਈ.ਡੀ.ਐੱਫ.ਸੀ. ਫਸਟ ਬੈਂਕ (IDFC First Bank), ਸੈਕਟਰ-32, ਚੰਡੀਗੜ੍ਹ ਸ਼ਾਖਾ ਵਿੱਚ ਮੌਜੂਦ ਨਗਰ ਨਿਗਮ ਦੇ ਖਾਤੇ ਵਿੱਚੋਂ ਕਰੋੜਾਂ ਰੁਪਏ ਦੇ ਫੰਡਾਂ ਦੀ ਗ਼ੈਰ-ਕਾਨੂੰਨੀ ਵਰਤੋਂ ਨਾਲ ਜੁੜਿਆ ਹੋਇਆ ਹੈ।

 

 

CBI ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਬੈਂਕ ਖਾਤਾ ਹਰਿਆਣਾ ਸਰਕਾਰ ਦੇ ਵਿੱਤ ਵਿਭਾਗ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਖੋਲ੍ਹਿਆ ਗਿਆ ਸੀ। ਖਾਤਾ ਖੋਲ੍ਹਣ ਦੇ ਫਾਰਮ ਵਿੱਚ ਜਾਣਕਾਰੀ ਨੂੰ ਇਸ ਤਰ੍ਹਾਂ ਲੁਕਾਇਆ ਗਿਆ ਸੀ ਤਾਂ ਜੋ ਬਾਅਦ ਵਿੱਚ ਧੋਖਾਧੜੀ ਵਾਲੇ ਲੈਣ-ਦੇਣ ਕੀਤੇ ਜਾ ਸਕਣ।

CBI ਦੇ ਪ੍ਰੈੱਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ, IAS ਅਫ਼ਸਰ ਆਰ. ਕੇ. ਸਿੰਘ ਨੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ, ਫਿਕਸਡ ਡਿਪਾਜ਼ਿਟ (FD) ਕਰਵਾਉਣ ਦੇ ਬਹਾਨੇ ਵਿਚੋਲਿਆਂ ਰਾਹੀਂ ਕਈ ਦਸਤਖਤ ਕੀਤੇ ਚੈੱਕ ਬੈਂਕ ਅਧਿਕਾਰੀਆਂ ਨੂੰ ਸੌਂਪੇ। ਇਨ੍ਹਾਂ ਚੈੱਕਾਂ ਰਾਹੀਂ ਪੈਸੇ ਕਢਵਾ ਲਏ ਗਏ, ਪਰ ਕੋਈ FD ਨਹੀਂ ਕਰਵਾਈ ਗਈ। ਇਹ ਰਕਮ ਫ਼ਰਜ਼ੀ (ਸ਼ੈੱਲ) ਕੰਪਨੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ CBI ਨੇ ਆਰ. ਕੇ. ਸਿੰਘ ਦੇ ਚੰਡੀਗੜ੍ਹ ਅਤੇ ਕਰਨਾਲ ਸਥਿਤ ਨਿਵਾਸ ਅਸਥਾਨਾਂ ‘ਤੇ ਛਾਪੇਮਾਰੀ ਕੀਤੀ, ਜਿੱਥੇ ਕਈ ਅਹਿਮ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ।

 

ਇਸ ਘੁਟਾਲੇ ਵਿੱਚ ਨਗਰ ਨਿਗਮ ਦੇ ਤਤਕਾਲੀ ਸੀਨੀਅਰ ਅਕਾਊਂਟੈਂਟ ਦੀ ਵੀ ਸਰਗਰਮ ਭੂਮਿਕਾ ਸੀ, ਜਿਸ ਨੂੰ CBI ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਦੀ ਸਿਫ਼ਾਰਸ਼ ‘ਤੇ CBI ਨੇ ਇਹ ਮਾਮਲਾ ਰਾਜ ਵਿਜੀਲੈਂਸ ਅਤੇ ਐਂਟੀ-ਕਰਪਸ਼ਨ ਬਿਊਰੋ ਤੋਂ ਆਪਣੇ ਹੱਥਾਂ ਵਿੱਚ ਲਿਆ ਸੀ। ਪੰਚਕੂਲਾ ਨਗਰ ਨਿਗਮ ਦਾ ਇਹ ਮਾਮਲਾ ਲਗਭਗ ₹79.46 ਕਰੋੜ ਦੀ ਹੇਰਾਫੇਰੀ ਦਾ ਹੈ, ਜੋ ਕਿ ਇੱਕ ਬਹੁਤ ਵੱਡੇ ₹504 ਕਰੋੜ ਦੇ ਘੁਟਾਲੇ ਦਾ ਹਿੱਸਾ ਹੈ। ਇਸ ਵੱਡੇ ਘੁਟਾਲੇ ਤਹਿਤ ਹਰਿਆਣਾ ਸਰਕਾਰ ਦੇ 8 ਵੱਖ-ਵੱਖ ਵਿਭਾਗਾਂ ਦੇ ਫੰਡਾਂ ਨੂੰ ਫ਼ਰਜ਼ੀ ਐਫ਼.ਡੀ. ਰਾਹੀਂ ਲੁੱਟਿਆ ਗਿਆ ਸੀ। ਇਸ ਮਾਮਲੇ ਵਿੱਚ CBI ਹੁਣ ਤੱਕ 17 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚ IDFC ਫਸਟ ਬੈਂਕ/AU ਸਮਾਲ ਫਾਈਨਾਂਸ ਬੈਂਕ ਦੇ 6 ਅਧਿਕਾਰੀ, 3 ਸਰਕਾਰੀ ਮੁਲਾਜ਼ਮ, 2 ਕੰਪਨੀਆਂ ਅਤੇ 6 ਨਿੱਜੀ ਵਿਅਕਤੀ ਸ਼ਾਮਲ ਹਨ।

Leave a Comment