ਸੁਪਰੀਮ ਕੋਰਟ ਨੇ ਆਸਾਰਾਮ ਦੀ ਅੰਤਰਿਮ ਜ਼ਮਾਨਤ ਅਰਜ਼ੀ ਰੱਦ ਕੀਤੀ

ਨਵੀ ਦਿੱਲੀ 7 ਅਗਸਤ (ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਭਾਰਤ ਦੀ ਸੁਪਰੀਮ ਕੋਰਟ ਨੇ ਜਬਰ ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਸਿਹਤ ਦੇ ਆਧਾਰ ‘ਤੇ ਦਾਇਰ ਅੰਤਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਸ ਵੇਲੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਕੋਈ ਆਧਾਰ ਨਹੀਂ ਬਣਦਾ। ਆਸਾਰਾਮ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਵੱਧ ਉਮਰ ਅਤੇ ਕਈ ਬਿਮਾਰੀਆਂ ਕਾਰਨ ਉਸ ਨੂੰ ਇਲਾਜ ਲਈ ਅੰਤਰਿਮ ਜ਼ਮਾਨਤ ਦਿੱਤੀ ਜਾਵੇ। ਇਸ ‘ਤੇ ਅਦਾਲਤ ਨੇ AIIMS ਸਮੇਤ ਮੈਡੀਕਲ ਰਿਪੋਰਟਾਂ ਦਾ ਜਾਇਜ਼ਾ ਲਿਆ ਅਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਸੁਪਰੀਮ ਕੋਰਟ ਨੇ ਮਨੁੱਖੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਆਸਾਰਾਮ ਨੂੰ ਜੇਲ੍ਹ ਵਿੱਚ ਆਪਣੀ ਪਸੰਦ ਦਾ 24 ਘੰਟੇ ਤਰਬੀਅਤਯਾਫ਼ਤਾ ਕੇਅਰਟੇਕਰ (ਦੇਖਭਾਲ ਕਰਨ ਵਾਲਾ) ਰੱਖਣ ਦੀ ਇਜਾਜ਼ਤ ਦਿੱਤੀ ਹੈ, ਤਾਂ ਜੋ ਉਸ ਦੀ ਸਿਹਤ ਦੀ ਸੰਭਾਲ ਢੰਗ ਨਾਲ ਹੋ ਸਕੇ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਭਵਿੱਖ ਵਿੱਚ ਉਸ ਦੀ ਸਿਹਤ ਵਿੱਚ ਗੰਭੀਰ ਗਿਰਾਵਟ ਆਉਂਦੀ ਹੈ, ਤਾਂ ਉਹ ਦੁਬਾਰਾ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ। ਫਿਲਹਾਲ ਮਾਮਲੇ ਦੀ ਸੁਣਵਾਈ ਜਾਰੀ ਰਹੇਗੀ ਅਤੇ ਉਹ ਜੇਲ੍ਹ ਵਿੱਚ ਹੀ ਰਹੇਗਾ।

Leave a Comment