ਪੰਜਾਬ ’ਚ ਇਹ ਤਿੰਨੋ ਅਕਾਲੀ ਦਲ ਪੰਥਕ ਸਿਆਸਤ ‘ਚ ਤਲਾਸ਼ ਰਹੇ ਆਪਣੀ ਜ਼ਮੀਨ

These three Akali Dals in Punjab are searching for their own ground in Panthic politics.

ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਥਕ ਵੋਟ ਬੈਂਕ ਨੂੰ ਹਾਸਿਲ ਕਰਨ ਲਈ ਵੱਖ ਵੱਖ ਪੰਥਕ ਧੜੇ ਜਿਨ੍ਹਾਂ ਵਿੱਚ ਮੁੱਖ ਰੂਪ ‘ਚ ਤਿੰਨ ਅਕਾਲੀ ਦਲ ਹਨ, ਆਪੋ ਆਪਣੀ ਵਾਹ ਲਗਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਮੁੱਖ ਖੇਤਰੀ ਪਾਰਟੀ ਵਜੋਂ ਆਪਣੀ ਹੋਂਦ ਨੂੰ ਬਚਾਉਣ ਅਤੇ ਗਵਾਇਆ ਹੋਇਆ ਭਰੋਸਾ ਜਿੱਤਣ ਲਈ ਤਰਲੋ ਮੱਛੀ ਹੋ ਰਿਹਾ ਹੈ।

ਦੂਜੇ ਪਾਸੇ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਦਾ ਧੜਾ ਯਾਨੀ ਕਿ ਸ਼੍ਰੋਮਣੀ ਅਕਾਲ ਦਲ(ਪੁਨਰ ਸੁਰਜੀਤ) ਖੁਦ ਨੂੰ ਅਸਲ ਅਕਾਲੀ ਦਲ ਵਜੋਂ ਪੇਸ਼ ਕਰਕੇ ਨਵਾਂ ਖੇਤਰੀ ਸਿਆਸੀ ਬਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਿੰਨੋਂ ਅਕਾਲੀ ਦਲ ਕਿਵੇਂ ਪੰਜਾਬ ਵਿੱਚ ਆਪੋ-ਆਪਣੀ ਸਿਆਸੀ ਜ਼ਮੀਨ ਲਈ ਲੜ ਰਹੇ ਹਨ ਅਤੇ ਇਹ ਖਿੱਚੋਤਾਣ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ, ਇਸ ਬਾਰੇ ਸਿਆਸੀ ਮਾਹਿਰ ਆਪੋ ਆਪਣੀ ਰਾਏ ਪੇਸ਼ ਕਰ ਰਹੇ ਹਨ।

ਕੀ ਸਾਖ ਬਚਾ ਸਕੇਗਾ ਸ਼੍ਰੋਮਣੀ ਅਕਾਲੀ ਦਲ (ਬਾਦਲ) ?

ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਮਜ਼ਬੂਤ ਪੰਥਕ ਧੁਰੇ ਵਜੋਂ ਰਹੀ ਹੈ ਅਤੇ ਇਹ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਮੰਨੀ ਜਾਂਦੀ ਹੈ, ਪਰ ਪਿਛਲੇ ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਿਆਸੀ ਜ਼ਮੀਨ ਅਤੇ ਪੰਥਕ ਹਲਕਿਆਂ ਵਿੱਚ ਭਰੋਸਾ ਕਾਇਮ ਰੱਖਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਦੌਰਾਨ ਬੇਅਦਬੀਆਂ, ਉਸ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਅਤੇ ਨਸ਼ਿਆਂ ਦੇ ਮਾਮਲੇ ‘ਤੇ ਪਾਰਟੀ ਖ਼ਿਲਾਫ਼ ਅਜਿਹਾ ਮਾਹੌਲ ਬਣਿਆ, ਜੋ ਤਕਰੀਬਨ ਦਹਾਕੇ ਬਾਅਦ ਵੀ ਨਰਮ ਨਹੀਂ ਹੋ ਸਕਿਆ ਹੈ।

ਹੁਣ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਪੰਜਾਬ ਵਿੱਚ ਵਿਕਾਸ ਕਰਵਾਉਣ ਵਾਲੀ ਪਾਰਟੀ ਦੱਸਣ ਦੇ ਨਾਲ ਨਾਲ ਧਾਰਮਿਕ ਤੌਰ ‘ਤੇ ਖੁਦ ਨੂੰ ਨਿਮਰ ਅਤੇ ਸੇਵਾ ਭਾਵਨਾ ਵਾਲੇ ਆਗੂਆਂ ਦੀ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪਰ ਸ਼੍ਰੋਮਣੀ ਅਕਾਲੀ ਦਲ ਲਈ ਇਸ ਵੇਲੇ ਬੇਅਦਬੀ ਅਤੇ ਨਸ਼ੇ ਦੇ ਮਾਮਲੇ ਵਿੱਚ ਖ਼ੁਦ ਦੀ ਸਾਖ ਸਾਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ‘ਟਾਰਗੇਟ’ ਕਰਨ ਵਾਲੇ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੀ ਵੱਡੀ ਚੁਣੌਤੀ ਸਾਬਿਤ ਹੋ ਰਹੇ ਹਨ।

Leave a Comment