School and college buses to remain closed in Punjab tomorrow, parents say
ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸਕੂਲ ਬੱਸ ਆਪ੍ਰੇਟਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਆਪ੍ਰੇਟਰਾਂ ਵੱਲੋਂ 3 ਸਤੰਬਰ ਨੂੰ ਪੰਜਾਬ ਭਰ ਵਿੱਚ ਸਕੂਲ ਅਤੇ ਕਾਲਜ ਬੱਸਾਂ ਦਾ ਪੂਰਨ ਤੌਰ ‘ਤੇ ਬੰਦ ਰੱਖਿਆ ਜਾਵੇਗਾ।
ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ ਕਾਲ ਤੋਂ ਬਾਅਦ ਤੋਂ ਹੀ ਬੱਸ ਆਪ੍ਰੇਟਰ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਬੱਸਾਂ ਦੇ ਟੈਕਸਾਂ ਵਿੱਚ ਰਾਹਤ ਦੇਣਾ, ਪੁਰਾਣੇ ਬਕਾਇਆ ਟੈਕਸਾਂ ਨੂੰ ਮੁਆਫ਼ ਕਰਨਾ, ਅਤੇ ਬੱਸਾਂ ਦੀ ਉਮਰ ਸੀਮਾ ਸਬੰਧੀ ਨੀਤੀਆਂ ਵਿੱਚ ਸੋਧ ਕਰਨਾ ਸ਼ਾਮਲ ਹੈ।
ਆਪ੍ਰੇਟਰ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ 3 ਸਤੰਬਰ ਤੋਂ ਪਹਿਲਾਂ ਯੂਨੀਅਨ ਨਾਲ ਮੀਟਿੰਗ ਕਰਕੇ ਇਨ੍ਹਾਂ ਮੰਗਾਂ ਦਾ ਹੱਲ ਨਾ ਕੱਢਿਆ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
